Gyani Nahar Singh’s son passes away
ਦੇਸ਼ ਭਗਤ ਅਤੇ ਗਦਰੀ ਸਿੱਖ ਵਿਦਵਾਨ ਗਿ.ਨਾਹਰ ਸਿੰਘ ਦੇ ਵੱਡੇ ਸਪੁਤਰ ਸਰਦੂਲ ਸਿੰਘ ਨੇ ਸਦੀਵੀ ਵਿਛੋੜਾ ਦਿੱਤਾ| ਅੰਤਮ ਅਰਦਾਸ ਵਿਚ ਵੱਡੀ ਗਿਣਤੀ ਵਿਚ ਅਮਰੀਕਾ ਤੇ ਕੈਨੇਡਾ ਦੀ ਸੰਗਤ ਨੇ ਹਾਜ਼ਰੀ ਲਗਵਾਈ
ਸੈਂਟ ਲੂਈਸ-ਨਾਮਵਰ ਦੇਸ਼ ਭਗਤ,ਗਦਰੀ,ਵਿਦਵਾਨ,ਇਤਿਹਾਸਕਾਰ ਤੇ ਪੰਥ ਦਰਦੀ ਗਿ.ਨਾਹਰ ਸਿੰਘ,ਜਿਨਾ ਦੀ ਸੰਪਾਦਨਾ ਦਾ ਸ਼ਾਹਕਾਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀਆਂ ‘ਜੇਲਚਿੱਠੀਆਂ’ ਜਗਤ ਪ੍ਰਸਿਧ ਹੋ ਨਿਬੜੀਆਂ ਦੇ ਵੱਡੇ ਸਪੁੱਤਰ ਸਰਦੂਲ ਸਿੰਘ ੯੪ ਸਾਲਾਂ ਦੀ ਆਯੂ ਭੋਗਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ| ਉਨਾਂ ਨੇ ਆਪਣਾ ਅੰਤਮ ਸਵਾਸ ਸੈਂਟ ਲੂਈ ਅਮਰੀਕਾ ਵਿਚ ਆਪਣੇ ਇੱਕਲੌਤੇ ਸਪੁਤਰ ਡਾ.ਗੁਰਪ੍ਰਕਾਸ਼ ਸਿੰਘ ਦੇ ਘਰ ਲਿਆ| ਸਰਦੂਲ ਸਿੰਘ ਇੱਕ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਸਨ,ਜਿਨਾਂ ਦੀਆਂ ਪੰਥ ਅਤੇ ਦੇਸ਼ ਪ੍ਰਤੀ ਸੇਵਾਵਾਂ ਦਾ ਸਤਿਕਾਰ ਕਰਦੇ ਹੋਏ ੫ ਜੁਲਾਈ ੨੦੧੪ ਨੂੰ ਸਰੀ ਕੈਨੇਡਾ ਵਿਖੇ ਇੱਕ ਭਰਵੇਂ ਤੇ ਵੱਡੇ ਸਮਾਗਮ ਵਿਚ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਮੈਮੋਰੀਅਲ ਅਵਾਰਡ ਪ੍ਰਦਾਨ ਕੀਤਾ ਗਿਆ ਸੀ| ਆਪ ਦਾ ਜੱਦੀ ਪਿੰਡ ਗੁਜਰਵਾਲ ਜਿਲ•ਾ ਲੁਧਿਆਣਾ ਸੀ,ਉਨਾਂ ਦਾ ਅੰਤਮ ਸਸਕਾਰ ੨੫ ਅਕਤੂਬਰ ੨੦੧੪ ਨੂੰ ਸੈਂਟ ਲੂਈਸ ਫ਼ਿਊਨਰਲ ਹੋਮ ਵਿਚ ਕੀਤਾ ਗਿਆ|

ਸ੍ਰ.ਸਰਦੂਲ ਸਿੰਘ ਦੀ ਪੁਰਾਣੀ ਤਸਵੀਰ
ਸਮੂਹ ਪਰਵਾਰ ਵੱਲੋਂ ਉਨਾਂ ਦੇ ਸਦੀਵੀ ਵਿਛੋੜੇ ਤੇ ਸਹਿਜਪਾਠ ਆਪਣੇ ਗ੍ਰਹਿ ਵਿਚ ਹੀ ਕੀਤਾ ਗਿਆ| ਅੰਤਮ ਅਰਦਾਸ ਸਮਾਗਮ ੧ ਨਵੰਬਰ ੨੦੧੪ ਨੂੰ ਸੈਂਟ ਪੀਟਰ ਗੁਰੂ ਘਰ ਵਿਚ ਕੀਤਾ ਗਿਆ| ਕੈਨੇਡਾ ਅਤੇ ਅਮਰੀਕਾ ਵਿਚੋਂ ਵੱਡੀ ਗਿਣਤੀ ਵਿਚ ਉਨਾਂ ਦੇ ਰਿਸ਼ਤੇਦਾਰ,ਸਨੇਹੀਆਂ,ਹਿਤੈਸ਼ੀਆਂ ਅਤੇ ਹੋਰ ਉਘੀਆਂ ਹਸਤੀਆਂ ਨੇ ਹਾਜ਼ਰੀ ਲਗਵਾਈ| ਅੰਤਮ ਅਰਦਾਸ ਤੋਂ ਪਹਿਲਾਂ ਸਰਦੂਲ ਸਿੰਘ ਦੇ ਪੋਤਰੇ ਜਸਨਾਮ ਸਿੰਘ,ਪੋਤਰੀ ਹਰਲੀਨ ਕੌਰ ਦੋਹਤੇ ਮਨਜਾਪ ਸਿੰਘ,ਹਰਜਾਪ ਸਿੰਘ ਤੇ ਹਰਜੀਵ ਸਿੰਘ ਨੇ ਬੜੀ ਸ਼ਰਧਾ ਤੇ ਪਿਆਰ ਨਾਲ ਗੁਰਬਾਣੀ ਦੇ ਗੁਰੂ ਜਸ ਗਾਇਨ ਰਾਹੀਂ ਆਪਣੇ ਸਤਿਕਾਰਯੋਗ ਦਾਦੇ/ ਨਾਨੇ ਨੂੰ ਯਾਦ ਕੀਤਾ| ਰਾਗੀ ਜਗਜੀਤ ਸਿੰਘ ਦਿੱਲੀ ਵਾਲਿਆਂ ਨੇ ਵੀ ਮਨੋਹਰ ਕੀਰਤਨ ਰਾਹੀਂ ਵਿਛੜੀ ਰੂਹ ਨੂੰ ਯਾਦ ਕੀਤਾ| ਭਾਈ ਜਗਜੀਤ ਸਿੰਘ ਨੇ ਬੜੇ ਹੀ ਵੈਰਾਗਮਈ ਢੰਗ ਨਾਲ ਅੰਤਮ ਅਰਦਾਸ ਕੀਤੀ|
ਇਸ ਅਵਸਰ ਤੇ ਕੈਨੇਡਾ ਤੋਂ ਪੁਜੇ ਜੈਤੇਗ ਸਿੰਘ ਅਨੰਤ ਨੇ ਸਰਦੂਲ ਸਿੰਘ ਦੇ ਜੀਵਨ,ਸ਼ਖਸ਼ੀਅਤ,ਵਿਰਸੇ ਅਤੇ ਵਿਰਾਸਤ ਪ੍ਰਤੀ ਭਰਪੂਰ ਰੌਸ਼ਨੀ ਪਾਈ| ਸਰਦਾਰ ਸਾਹਿਬ ਵੱਲੋਂ ਦੂਜੇ ਸੰਸਾਰ ਜੰਗ ਵਿਚ ਜਿਸ ਸੂਰਬੀਰਤਾ,ਬਹਾਦਰੀ ਨਾਲ ਜਿਹੜੇ ਜ਼ੌਹਰ ਵਿਖਾਏ ਗਏ,ਉਨਾਂ ਨੂੰ ਯਾਦ ਕੀਤਾ| ਉਨਾਂ ਨੇ ੧੯੪੯ ਤੋਂ ੫੨ ਤੱਕ ਜੰਮੂ ਕਸ਼ਮੀਰ ਦੇ ਅਪ੍ਰੇਸ਼ਨ ਦੌਰਾਨ ਜੋ ਦੁਸ਼ਮਣਾ ਦੇ ਦੰਦ ਖੱਟੇ ਕੀਤੇ,ਉਨਾਂ ਦੀ ਯੋਗਤਾ,ਕਾਬਲੀਅਤ ਅਤੇ ਵਿਲੱਖਣ ਸੇਵਾਵਾਂ ਨੂੰ ਯਾਦ ਕੀਤਾ| ਇਸ ਮੌਕੇ ਤੇ ਜੈਤੇਗ ਸਿੰਘ ਅਨੰਤ ਨੇ ਆਪਣੇ ਟਰੱਸਟ ਵੱਲੋਂ ਲਿਆਂਦੀ ਦਸਤਾਰ ਤੇ ਸਿਰੋਪਾਓ ਸਰਦੂਲ ਸਿੰਘ ਦੇ ਸਪੁੱਤਰ ਡਾ.ਗੁਰਪ੍ਰਕਾਸ਼ ਸਿੰਘ ਨੂੰ ਪ੍ਰਦਾਨ ਕਰਦੇ ਹੋਏ ਕਿਹਾ ਕਿ ਅਸੀਂ ਹਰ ਸਮੇਂ ਪਰਿਵਾਰ ਨਾਲ ਖੜੇ ਹਾਂ ਤੇ ਸਰਦਾਰ ਸਾਹਿਬ ਦੇ ਕਾਰਜਾਂ ਨੂੰ ਪੂਰਾ ਕਰਨ ਦਾ ਯਤਨ ਕਰਾਂਗੇ|
ਸਰਦਾਰ ਸਾਹਿਬ ਆਪਣੇ ਪਿਛੇ ਬੀਬੀ ਇਕਬਾਲ ਕੌਰ ਸਿੱਧੂ (ਨੋਨੀ ) ਡਾ.ਗੁਰਪ੍ਰਕਾਸ਼ ਸਿੰਘ ਸਪੁਤਰ ਤੇ ਬੀਬੀ ਸਤਬੀਰ ਕੌਰ ਤੇ ਡਾ.ਅਮਰਜੋਤ ਕੌਰ ਬੇਟੀਆਂ,ਤਿੰਨ ਦੋਹਤੇ,ਦੋ ਪੋਤੀਆਂ ਤੇ ਇੱਕ ਪੋਤਾ ਛੱਡ ਗਏ ਹਨ| ਅੰਤਮ ਅਰਦਾਸ ਵਿਚ ਕੈਨੇਡਾ ਤੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਸਨੇਹੀ ਤੇ ਹਿਤੈਸ਼ੀ ਪਹੁੰਚੇ ਹੋਏ ਸਨ| ਅਮਰੀਕਾ,ਕੈਨੇਡਾ,ਫਰਾਂਸ,ਜਰਮਨ ਤੇ ਭਾਰਤ ਵਿਚ ਵੱਖ ਵੱਖ ਥਾਵਾਂ ਤੇ ਉਨ•ਾਂ ਦੀ ਯਾਦ ਵਿਚ ਅਰਦਾਸਾਂ ਕੀਤੀਆਂ ਗਈਆਂ ਤੇ ਵਿਛੜੀ ਰੂਹ ਨੂੰ ਯਾਦ ਕੀਤਾ ਗਿਆ| ਭਾਰਤ ਤੋਂ ਭਾਈ ਮੋਹਨ ਸਿੰਘ ਗਾਰਡ ਤੇ ਡਾ.ਗੁਰਪ੍ਰਤਾਪ ਸਿੰਘ,ਬਰਤਾਨੀਆਂ ਤੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਪੋਤਰੀ ਨੇ ਆਪਣੇ ਸ਼ੋਕ ਸੰਦੇਸ਼ ਭੇਜੇ|
ਭਾਈ ਸਾਹਿਬ ਭਾਈ ਰਣਧੀਰ ਸਿੰਘ ਟਰੱਸਟ ਵੱਲੋਂ ਭਾਈ ਜੁਝਾਰ ਸਿੰਘ ਨੇ ਵੀ ਦੁੱਖ ਦਾ ਇਜ਼ਹਾਰ ਕੀਤਾ| ਅੰਤਮ ਅਰਦਾਸ ਵਿਚ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀਆਂ ਦੋਹਤੀਆਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ|

ਕੈਪਸ਼ਨ-ਅੰਤਮ ਅਰਦਾਸ ਸਮੇਂ ਜੈਤੇਗ ਸਿੰਘ ਅਨੰਤ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਡਾ.ਗੁਰਪ੍ਰਕਾਸ਼ ਸਿੰਘ ਗਰੇਵਾਲ ਨੂੰ ਦਸਤਾਰ ਤੇ ਸਿਰੋਪਾਓ ਭੇਂਟ ਕਰਦੇ ਹੋਏ[ ਤਸਵੀਰ ਵਿਚ ਸੈਂਟ ਪੀਟਰ ਗੁਰੂ ਘਰ ਦੇ ਸਤਨਾਮ ਸਿੰਘ ਵੀ ਵਿਖਾਈ ਦੇ ਰਹੇ ਹਨ[