UK Seminars on Bhai Sahib
ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਬਾਰੇ ਨਵੀਂ ਪੁਸਤਕ ‘ਸਿਮਰਤੀ ਗ੍ਰੰਥ’ ਸਬੰਧੀ ਸੈਮੀਨਾਰ ਭਾਰਤ ਦੀ ਆਜ਼ਾਦੀ ਲਈ ਗਦਰ ਲਹਿਰ ਰਾਹੀਂ ਭਾਈ ਰਣਧੀਰ ਸਿੰਘ ਜੀ ਨੇ ਵਿਸ਼ੇਸ਼ ਭੂਮਿਕਾ ਨਿਭਾਈ–ਜੈਤੇਗ ਸਿੰਘ ਅਨੰਤ
ਨੌਟਿੰਘਮ (ਡਰਬੀ) – (ਹਰਜਿੰਦਰ ਸਿੰਘ ਮੰਡੇਰ) ਬੀਤੇ ਸ਼ਨਿੱਚਰਵਾਰ ਤੇ ਐਤਵਾਰ ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਬਾਰੇ ਛਪੀ ਨਵੀਂ ਪੁਸਤਕ (ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਸਿਮਰਤੀ ਗ੍ਰੰਥ) ਬਾਰੇ ਦੋਵੇਂ ਸ਼ਹਿਰਾਂ ਵਿਚ ਸੈਮੀਨਾਰ ਕੀਤੇ ਗਏ |
ਸ਼ਨਿੱਚਰਵਾਰ ਨੂੰ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਨੌਟਿੰਘਮ ਵਿਖੇ ਸ਼ਾਮ ਵੇਲੇ ਵਿਸ਼ੇਸ਼ ਸਮਾਗਮ ਦੌਰਾਨ ਪਹਿਲਾਂ ਗੁਰਮਤਿ ਸਵਾਲ ਜਵਾਬ ਦਾ ਪ੍ਰੋਗਰਾਮ ਹੋਇਆ ਜਿਸ ਵਿਚ ਭਾਈ ਮਲਕੀਤ ਸਿੰਘ, ਭਾਈ ਜੋਗਿੰਦਰ ਸਿੰਘ ਲੈਸਟਰ ਵਾਲੇ, ਸ੍ਰੀ ਗੁਰੂ ਸਿੰਘ ਸਭਾ ਡਰਬੀ ਦੇ ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਅਤੇ ਹੈਡ ਗ੍ਰੰਥੀ ਮਾਸਟਰ ਕੁਲਵਿੰਦਰ ਸਿੰਘ ਸ਼ਾਮਿਲ ਸਨ | ਇਸ ਮੌਕੇ ਡੇਢ ਕੁ ਘੰਟਾ ਸੰਗਤਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ|

ਨੌਟਿੰਘਮ ਪ੍ਰੋਗਰਾਮ ਵਿਖੇ ਸਵਾਲ ਜਵਾਬ ਪ੍ਰੋਗਰਾਮ ਸਮੇਂ ਮਾਸਟਰ ਕੁਲਵਿੰਦਰ ਸਿੰਘ, ਭਾਈ ਜੋਗਿੰਦਰ ਸਿੰਘ ਅਤੇ ਭਾਈ ਰਾਜਿੰਦਰ ਸਿੰਘ, ਸੱਜੇ ਭਾਈ ਮਲਕੀਤ ਸਿੰਘ ਜੀ ਤੇ ਭਾਈ ਜੁਝਾਰ ਸਿੰਘ ਕੀਰਤਨ ਕਰਦੇ ਹੋਏ ਹੇਠਾਂ ਭਾਈ ਜੈਤੇਗ ਸਿੰਘ ਅਨੰਤ ਆਪਣੀ ਪੁਸਤਕ ਭਾਈ ਰਘਬੀਰ ਸਿੰਘ ਨੂੰ ਭੇਂਟ ਕਰਦੇ ਹੋਏ ਵਿਚਕਾਰ ਭਾਈ ਸਾਹਿਬ ਦੀਆਂ ਪੁਸਤਕਾਂ ਅਤੇ ਅੱਜੇ ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਜੈਤੇਗ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨ ਕਰਦੇ ਹੋਏ
ਇਸ ਉਪ੍ਰੰਤ ਕੈਨੇਡਾ ਤੋਂ ਆਏ ਵਿਦਵਾਨ ਭਾਈ ਸਾਹਿਬ ਜੈਤੇਗ ਸਿੰਘ ਅਨੰਤ ਜਿਹਨਾਂ ਨੇ ਭਾਈ ਸਾਹਿਬ ਦੇ ਜੀਵਨ ਬਾਰੇ ਕਿਤਾਬ ਸੰਪਾਦਿਤ ਕੀਤੀ ਹੈ, ਨੇ ਸੰਗਤਾਂ ਨੂੰ ਭਾਈ ਸਾਹਿਬ ਦੇ ਜੀਵਨ ਬਾਰੇ ਅਤੇ ਕਿਤਾਬ ਦੀ ਸੰਪਾਦਨਾ ਕਰਨ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੱਤੀ ਕਿ ਭਾਈ ਸਾਹਿਬ ਨੇ ਜਿੱਥੇ ਗੁਰਮਤਿ ਉੱਤੇ ਤਨਦੇਹੀ ਨਾਲ ਪਹਿਰਾ ਦਿੱਤਾ, ਉਥੇ ਉਹ ਉੱਚ ਕੋਟੀ ਦੇ ਦੇਸ਼ ਭਗਤ ਵੀ ਸਨ | ਉਹਨਾਂ ਨੇ ਭਾਰਤ ਦੀ ਆਜ਼ਾਦੀ ਲਈ ਗਦਰ ਲਹਿਰ ਰਾਹੀਂ ਵਡਮੁੱਲਾ ਯੋਗਦਾਨ ਪਾਇਆ | ਗਦਰ ਮੂਵਮੈਂਟ ਦੀ ਅਗਵਾਈ ਕਰਦਿਆਂ ਉਹਨਾਂ ਨੇ ਅੰਗਰੇਜ਼ ਸਰਕਾਰ ਦੀਆਂ ਜੇਹਲਾਂ ਵਿਚ ੧੬ ਸਾਲ ਕੈਦ ਕੱਟੀ ਅਤੇ ਉਸ ਸਖਤਾਈ ਦੇ ਸਮੇਂ ਵਿਚ ਵੀ ਸਿੱਖੀ ਸਿਦਕ ਨਿਭਾਇਆ | ਜੇਹਲ ਵਿਚ ਵੀ ਸਖ਼ਤ ਘਾਲਣਾ ਘਾਲੀ ਅਤੇ ਗੁਰਮਤਿ ਉੱਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ |
ਇਸ ਸਿਮਰਤੀ ਗ੍ਰੰਥ ਵਿਚ ਜੈਤੇਗ ਸਿੰਘ ਅਨੰਤ ਨੇ ਉੱਘੇ ਲੇਖਕਾਂ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਹਨ, ਜਿਹੜੇ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਏ | ਇਸ ਪੁਸਤਕ ਦੀ ਇਕ ਕਾਪੀ ਅਖੰਡ ਕੀਰਤਨੀ ਜਥਾ ਯੂ ਕੇ ਦੇ ਜਥੇਦਾਰ ਭਾਈ ਰਘਬੀਰ ਸਿੰਘ ਨੂੰ ਅਤੇ ਇਕ ਗੁਰੂ ਘਰ ਨੂੰ ਅਰਪਿਤ ਕੀਤੀ ਗਈ | ਇਸ ਮੌਕੇ ਜੈਤੇਗ ਸਿੰਘ ਅਨੰਤ ਨੂੰ ਗੁਰੂ ਘਰ ਦੇ ਗ੍ਰੰਥੀ ਸਿੰਘ ਵੱਲੋਂ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ |
ਦੂਜੇ ਦਿਨ ਐਤਵਾਰ ਨੂੰ ਇਸੇ ਸਬੰਧ ਵਿਚ ਵਿਸ਼ੇਸ਼ ਪ੍ਰੋਗਰਾਮ ਸ੍ਰੀ ਗੁਰੂ ਸਿੰਘ ਸਭਾ ਡਰਬੀ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਭਾਈ ਜੈਤੇਗ ਸਿੰਘ ਅਨੰਤ ਨੇ ਡਰਬੀ ਦੀਆਂ ਸੰਗਤਾਂ ਨੂੰ ਭਾਈ ਸਾਹਿਬ ਦੇ ਜੀਵਨ ਅਤੇ ਉਹਨਾਂ ਦੁਆਰਾ ਸੰਪਾਦਿਤ ਕੀਤੀ ਗਈ ਨਵੀਂ ਪੁਸਤਕ (ਸਿਮਰਤੀ ਗ੍ਰੰਥ) ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਪੰਥ ਦੇ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਮਦਨ ਸਿੰਘ ਜੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਜਿਹਨਾਂ ਨੇ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਜੀਵਨ ਬਾਰੇ, ਅਤੇ ਇਸ ਨਵੀਂ ਪੁਸਤਕ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ | ਇਸੇ ਤਰ੍ਹਾਂ ਯੂ ਕੇ ਦੇ ਪੰਥਕ ਆਗੂ ਕਾਰਸੇਵਾ ਕਮੇਟੀ ਦੇ ਜਨਰਲ ਸਕੱਤਰ ਭਾਈ ਜੋਗਾ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕੀਤਾ [ ਉਹਨਾਂ ਕਿਹਾ ਭਾਈ ਸਾਹਿਬ ਰਣਧੀਰ ਸਿੰਘ ਜੀ ਦਾ ਜੀਵਨ ਦੇਖ ਕੇ ਅਤੇ ਉਹਨਾਂ ਦੀਆਂ ਗੁਰਮਤਿ ਸਬੰਧੀ ਲਿਖੀਆਂ ਪੁਸਤਕਾਂ ਪੜ੍ਹ ਕੇ ਹਰ ਇਨਸਾਨ ਨੂੰ ਜੀਵਨ ਜਾਚ ਸਬੰਧੀ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ, ਉਹਨਾਂ ਵੱਲੋਂ ਜੇਹਲਾਂ ਵਿਚੋਂ ਲਿਖੀਆਂ ਗਈਆਂ ਜੇਹਲ ਚਿੱਠੀਆਂ ਦੀ ਪੁਸਤਕ (ਜੇਹਲ ਚਿੱਠੀਆਂ) ਪੜ੍ਹ ਕੇ ਅਨੇਕਾਂ ਲੋਕਾਂ ਦੇ ਜੀਵਨ ਪਲਟਦੇ ਦੇਖੇ ਹਨ |

ਡਰਬੀ ਸਮਾਗਮ ਸਮੇਂ ਉਪਰ ਬੁਲਾਰੇ ਭਾਈ ਜੈਤੇਗ ਸਿੰਘ ਅਨੰਤ, ਭਾਈ ਜੋਗਾ ਸਿੰਘ, ਭਾਈ ਮਦਨ ਸਿੰਘ, ਭਾਈ ਰਾਜਿੰਦਰ ਸਿੰਘ ਅਤੇ ਮਾਸਟਰ ਕੁਲਵਿੰਦਰ ਸਿੰਘ ਹੇਠਾਂ ਭਾਈ ਰਘਵੀਰ ਸਿੰਘ ਅਤੇ ਭਾਈ ਰਾਜਿੰਦਰ ਸਿੰਘ ਨੂੰ ਭਾਈ ਜੈਤੇਗ ਸਿੰਘ ਆਪਣੀ ਪੁਸਤਕ ਭੇਂਟ ਕਰਦੇ ਹੋਏ ਅਤੇ ਸੱਜੇ ਪਾਸੇ ਤਸਵੀਰ ‘ਚ ਖੜ੍ਹੇ ਹਨ, ਮਾਸਟਰ ਕੁਲਵਿੰਦਰ ਸਿੰਘ, ਭਾਈ ਰਘਵੀਰ ਸਿੰਘ ਤੇ ਭਾਈ ਰਾਜਿੰਦਰ ਸਿੰਘ, ਭਾਈ ਜੈਤੇਗ ਸਿੰਘ ਅਨੰਤ ਨੂੰ ਸਿਰੋਪਾਓ ਦੇਣ ਸਮੇਂ
ਸਿੰਘ ਸਭਾ ਦੇ ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਕਿਹਾ ਕਿ ਭਾਈ ਸਾਹਿਬ ਸਾਡੇ ਰੋਲ ਮਾਡਲ ਸਨ, ਉਹਨਾਂ ਨੇ ਭਾਰਤ ਦੀ ਆਜ਼ਾਦੀ ਵਿਚ ਵਡਮੁੱਲਾ ਹਿੱਸਾ ਪਾਇਆ, ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ |
ਸਿੰਘ ਸਭਾ ਦੇ ਹੈੱਡ ਗ੍ਰੰਥੀ ਮਾਸਟਰ ਕੁਲਵਿੰਦਰ ਸਿੰਘ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਭਾਈ ਜੈਤੇਗ ਸਿੰਘ ਅਨੰਤ ਨੇ ਇਸ ਪੁਸਤਕ ਦੀ ਸੰਪਾਦਨਾ ਕਰਦਿਆਂ ਪਹਿਲੀ ਵਾਰ ਕਈ ਨਵੀਆਂ ਚੀਜ਼ਾਂ ਸੰਗਤਾਂ ਦੇ ਰੂਬਰੂ ਕੀਤੀਆਂ ਹਨ, ਜਿਹੜੀਆਂ ਪਹਿਲਾਂ ਕਦੀ ਵੀ ਪੰਥ ਦੀ ਨਜ਼ਰ ਨਹੀਂ ਹੋਈਆਂ, ਜਿਵੇਂ ਕਿ ਕੁਝ ਅਨਮੋਲ ਖਤ ਜੋ ਅਜੇ ਤੱਕ ਕਿੱਧਰੇ ਨਹੀਂ ਛਪੇ ਸਨ ਤੇ ਕਈ ਤਸਵੀਰਾਂ ਅਜਿਹੀਆਂ ਹਨ, ਜੋ ਸੰਗਤਾਂ ਦੇ ਪਹਿਲੀ ਵਾਰ ਨਜ਼ਰ ਹੋਣ ਜਾ ਰਹੀਆਂ ਹਨ| ਸੋ ਇਹ ਕ੍ਰਿਤ ਇਸ ਸਮੇਂ ਦਾ ਸ਼ਾਹਕਾਰ ਆਖੀ ਜਾ ਸਕਦੀ ਹੈ |
ਇਸ ਪੁਸਤਕ ਦੀਆਂ ਕਾਪੀਆਂ ਭਾਈ ਜੈਤੇਗ ਸਿੰਘ ਅਨੰਤ ਨੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਰਘਬੀਰ ਸਿੰਘ ਅਤੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਪੁਰੇਵਾਲ ਨੂੰ ਭੇਂਟ ਕੀਤੀਆਂ | ਸ੍ਰੀ ਗੁਰੂ ਸਿੰਘ ਸਭਾ ਡਰਬੀ ਦੀਆਂ ਸੰਗਤਾਂ ਵੱਲੋਂ ਭਾਈ ਜੈਤੇਗ ਸਿੰਘ ਅਨੰਤ ਨੂੰ ਸਿਰੋਪਾਓ ਦੇ ਕੇ ਉਹਨਾਂ ਦਾ ਮਾਣ ਸਨਮਾਨ ਕੀਤਾ ਗਿਆ | ਯੂ ਕੇ ਵਿਚ ਇਹ ਕਿਤਾਬ ਭਾਈ ਰਣਧੀਰ ਸਿੰਘ ਟਰੱਸਟ ਯੂ ਕੇ ਦੇ ਭਾਈ ਜੂਝਾਰ ਸਿੰਘ ਪਾਸੋਂ ਪ੍ਰਾਪਤ ਕੀਤੀ ਜਾ ਸਕਦੀ ਹੈ |

ਜੈਤੇਗ ਸਿੰਘ ਅਨੰਤ ਆਪਣੀ ਪੁਸਤਕ ਦੀ ਕਾਪੀ ਡਰਬੀ ਸਿਟੀ ਕੌਂਸਲ ਦੇ ਲੀਡਰ ਪੌਲ ਬੇਲਿੱਸ ਨੂੰ ਅਤੇ ਪੁਲਿਸ ਕਮਿਸ਼ਨਰ ਦੀ ਚੋਣ ਲੜ ਰਹੇ ਉਮੀਦਵਾਰ ਐਲਨ ਚਾਰਲਸ ਨੂੰ ਦਿੰਦੇ ਹੋਏ